kheti

ਹਾੜੀ ਵੱਢੂੰਗੀ ਬਰਾਬਰ ਤੇਰੇ…

ਜਿਉਂ ਜਿਉਂ ਸਮਾਂ ਬਦਲ ਰਿਹਾ ਹੈ, ਤਿਉਂ ਤਿਉਂ ਸਾਡੀ ਖੇਤੀ ਤਕਨੀਕ ਵਿੱਚ ਵੀ ਬਦਲਾਅ ਆ ਗਿਆ ਹੈ। ਪੰਜਾਬ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਸਰੀਰਕ ਜ਼ੋਰ ਨਾ ਵਰਤੇ ਜਾਣ ਵਾਲੇ ਖੇਤੀਬਾੜੀ ਦੇ ਸੰਦਾਂ ’ਤੇ ਆਧੁਨਿਕ ਮਸ਼ੀਨਰੀ ਕਾਬਜ਼ ਹੋ ਗਈ ਹੈ। ਹੱਥ ਚੱਕੀਆਂ ਦੀ ਥਾਂ ਬਿਜਲਈ ਚੱਕੀਆਂ ਆ ਗਈਆਂ, ਬਲਦਾਂ ਦੀ ਥਾਂ ਟਰੈਕਟਰ ਆ ਗਏ ਹਨ। ਇਸੇ ਤਰ੍ਹਾਂ ਕੰਬਾਈਨਾਂ ਆ ਜਾਣ ਨਾਲ ਦਾਤੀਆਂ ਦੀ ਕਦਰ ਵੀ ਨਹੀਂ ਰਹੀਂ। ਅੱਜ ਦਾ ਤਕਰੀਬਨ ਹਰ ਕੰਮ ਮਸ਼ੀਨੀਕਰਨ ਵਿੱਚ ਬਦਲ ਚੁੱਕਾ ਹੈ। ਪਿਛਲੇ ਕੁਝ ਸਾਲ ਪਹਿਲਾਂ ਕਣਕ ਦੀ ਫ਼ਸਲ ਦੀ ਕਟਾਈ ਸਾਰੇ ਪਰਿਵਾਰ ਹੱਥੀਂ, ਦਾਤੀਆਂ ਨਾਲ ਕਰਦੇ ਸਨ। ਵਿਸਾਖੀ ਵਾਲੇ ਦਿਨ ਕਿਸਾਨ ਕਣਕ ਦੀ ਵਾਢੀ ਦੀ ਸ਼ੁਰੂਆਤ ਦਾ ਸ਼ਗਨ ਕਰ ਦਿੰਦੇ ਸਨ। ਵਿਸਾਖੀ ਦੇ ਤਿਉਹਾਰ ਦਾ ਕਣਕ ਦੀ ਵਾਢੀ ਨਾਲ ਸਿੱਧਾ ਸਬੰਧ ਸੀ। ਕਣਕ ਵੱਢਣ ਵਾਸਤੇ ਬਾਬੇ ਤੋਂ ਲੈ ਕੇ ਪੋਤਰਿਆਂ ਤਕ ਆਪਣੀ ਆਪਣੀ ਦਾਤੀ ਲੈ ਕੇ ਵਾਢੀ ਦੀ ਮੁਹਿੰਮ ਉੱਤੇ ਚੜ੍ਹਦੇ ਸਨ। ਬਹੁਤ ਸਾਰੀਆਂ ਤਕੜੀਆਂ ਜ਼ਨਾਨੀਆਂ ਵੀ ਹਾੜ੍ਹੀ ਬੰਦਿਆਂ ਦੇ ਬਰਾਬਰ ਵੱਢਦੀਆਂ ਸਨ। ਸ਼ਾਇਦ ਇਸੇ ਲਈ ਇਹ ਬੋਲ ਲਿਖੇ ਗਏ ਹੋਣਗੇ:

ਹਾੜ੍ਹੀ ਵੱਢੂੰਗੀ ਬਰਾਬਰ ਤੇਰੇ,
ਦਾਤੀ ਨੂੰ ਲਵਾਦੇ ਘੁੰਗਰੂ।

ਸਾਰਾ ਪਿੰਡ ਵਾਢੀਆਂ ਲਈ ਖੇਤਾਂ ਵੱਲ ਨਿੱਕਲ ਜਾਂਦਾ ਸੀ। ਕਣਕਾਂ ਦੀਆਂ ਵਾਢੀਆਂ ਵਿੱਚ ਕੋਈ ਵੀ ਵਿਹਲਾ ਨਹੀਂ ਸੀ ਹੁੰਦਾ। ਸਾਰੇ ਘਰ ਦੇ ਜੀਆਂ ਨੂੰ ਮਾਨਸਿਕ ਤੌਰ ਉੱਤੇ ਵਾਢੀ ਲਈ ਤਿਆਰ ਕੀਤਾ ਜਾਂਦਾ ਸੀ। ਪਿੰਡਾਂ ਵਿਚ ਰਹਿੰਦੇ ਤਰਖਾਣ ਅਤੇ ਲੁਹਾਰ ਵੀ ਇਸ ਦਿਨ ਲਈ ਵਿਸ਼ੇਸ਼ ਤੌਰ ’ਤੇ ਦਿਨ ਰਾਤ ਕੰਮ ਕਰ ਕੇ ਹੱਥੀਂ ਦਾਤੀਆਂ ਤਿਆਰ ਕਰਦੇ ਸਨ। ਪਿੰਡ ਦੇ ਕੁਝ ਲੋਕ ਖੇਤਾਂ ਵਿੱਚ ਪਾਣੀ ਵਰਤਾਉਂਦੇ। ਪੂਰੇ ਸਾਲ ਲਈ ਕਣਕ ਜਮ੍ਹਾਂ ਕਰਨ ਲਈ ਸਾਰੇ ਹੀ ਵਰਗ ਵਾਢੀਆਂ ਵਿੱਚ ਸਰਗਰਮ ਹੋ ਜਾਂਦੇ ਸਨ। ਸਾਰਾ ਦਿਨ ਵਾਢੀ ਕੀਤੀ ਜਾਂਦੀ। ਵਾਢੀਆਂ ਕਰਨ ਉਪਰੰਤ ਦਿਨ ਢਲੇ ਇਸ ਵੱਢੀ ਕਣਕ ਦੀਆਂ ਭਰੀਆਂ ਬੰਨ੍ਹੀਆਂ ਜਾਂਦੀਆਂ ਤਾਂ ਕਿ ਇਹ ਵੱਢੀ ਕਣਕ ਹਨੇਰੀ ’ਚ ਉੱਡ ਨਾ ਜਾਵੇ। ਲੋਕੀ ਹਨੇਰ ਪਿਆਂ ਘਰੀਂ ਮੁੜਦੇ ਸਨ। ਪਹਿਲੇ ਸਮਿਆਂ ਵਿੱਚ ਘਰ ਪਰਿਵਾਰ ਦੇ ਸਾਰੇ ਜੀਅ ਮਿਲ ਕੇ ਕਣਕ ਦੀ ਵਾਢੀ ਕਰਦੇ ਸਨ। ਪਰ ਅਜਿਹਾ ਹੁਣ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਇਸੇ ਕਰਕੇ ਅੱਜ ਦੇ ਸਮੇਂ ਜਿੱਥੇ ਆਪਸੀ ਭਾਈਚਾਰਕ ਸਾਂਝ ਖ਼ਤਮ ਹੋ ਰਹੀ ਹੈ ਉੱਥੇ ਮੋਹ ਦੀਆਂ ਤੰਦਾਂ ਵੀ ਫਿੱਕੀਆਂ ਪੈ ਰਹੀਆਂ ਹਨ। ਅੱਜ ਦੀਆਂ ਸਰਕਾਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਨੇ ਵੀ ਖੇਤ ਮਜ਼ਦੂਰਾਂ ਨੂੰ ਮਿੱਠਾ ਜ਼ਹਿਰ ਦੇ ਕੇ ਨਿਕੰਮੇ ਕਰ ਦਿੱਤਾ ਹੈ। ਕਿਸਾਨਾਂ ਦੇ ਮੁੰਡਿਆਂ ਨੂੰ ਵੀ ਚਿੱਟੇ ਕੱਪੜੇ ਪਾ ਕੇ ਵਿਹਲੇ ਰਹਿਣ ਦੀ ਆਦਤ ਪੈ ਗਈ ਹੈ। ਇਸ ਤੋਂ ਇਲਾਵਾ ਪਿਛਲੇ ਕੁਝ ਸਾਲਾਂ ਤੋਂ ਮਜ਼ਦੂਰਾਂ ਦੀ ਆ ਰਹੀ ਘਾਟ ਤੇ ਮੌਸਮ ਦੀ ਹੁੰਦੀ ਮਾਰ ਕਾਰਨ ਵੀ ਕਿਸਾਨ ਨੇ ਕਣਕ ਦੀ ਵਾਢੀ ਦਾ ਕੰਮ ਮਸ਼ੀਨਾਂ ਸਹਾਰੇ ਛੱਡ ਦਿੱਤਾ ਹੈ। ਕਿਸਾਨੀ ਹੁਣ ਮਸ਼ੀਨਾਂ ਨਾਲ ਜੁੜ ਗਈ ਹੈ। ਇਸੇ ਕਰਕੇ ਹੁਣ ਕੋਈ ਵੀ ਦਾਤੀਆਂ ਨਾਲ ਵਾਢੀ ਨਹੀਂ ਕਰਦਾ। ਹੁਣ ਦਾਤੀਆਂ ਦੀ ਜਗ੍ਹਾ ਕੰਬਾਈਨਾਂ ਨੇ ਲੈ ਲਈ ਹੈ। ਕਣਕ ਦੀ ਵਾਢੀ ਹੁਣ ਕੰਬਾਈਨਾਂ ਕਰਦੀਆਂ ਹਨ। ਕਣਕ ਜਦ ਪੱਕ ਜਾਂਦੀ ਹੈ ਤਾਂ ਕੰਬਾਈਨ ਨਾਲ ਦਾਣੇ ਕਢਵਾ ਕੇ ਸਿੱਧਾ ਮੰਡੀ ਭੇਜ ਦਿੱਤੇ ਜਾਂਦੇ ਹਨ। ਦਾਤੀਆਂ ਹਾਲੇ ਵੀ ਕਿਸੇ ਕਿਸੇ ਘਰ ਤੂੜੀ ਵਾਲੇ ਕੋਠਿਆਂ ’ਚ ਪਈਆਂ ਮਿਲ ਜਾਂਦੀਆਂ ਹਨ, ਪਰ ਇਨ੍ਹਾਂ ਦੀ ਵਰਤੋਂ ਨਾ-ਮਾਤਰ ਹੀ ਹੁੰਦੀ ਹੈ। ਬਾਕੀ ਸੰਦਾਂ ਵਾਂਗ ਦਾਤੀ ਵੀ ਹੁਣ ਲੋਪ ਹੋ ਰਹੀ ਹੈ।